ਬਾਬੇ ਮੋਹਨ ਵਾਲੀਆਂ ਪੋਥੀਆਂ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਬਾਬੇ ਮੋਹਨ ਵਾਲੀਆਂ ਪੋਥੀਆਂ: ਇਨ੍ਹਾਂ ਪੋਥੀਆਂ ਦੇ ਦੋ ਨਾਮਾਂਤਰ ਹੋਰ ਹਨ— ‘ਗੋਇੰਦਵਾਲ ਵਾਲੀਆਂ ਪੋਥੀਆਂ’ ਅਤੇਸੰਸਰਾਮ ਵਾਲੀਆਂ ਪੋਥੀਆਂ’। ਇਨ੍ਹਾਂ ਵਿਚ ਇਕ ਨਾਂ ਗੋਇੰਦਵਾਲ ਕਸਬੇ ਨਾਲ ਸੰਬੰਧਿਤ ਹੋਣ ਕਾਰਣ ਪ੍ਰਚਲਿਤ ਹੋਇਆ ਹੈ ਅਤੇ ਦੂਜਾ ਸੰਸਰਾਮ ਦੁਆਰਾ ਲਿਖੇ ਜਾਣ ਕਰਕੇ ਪਿਆ ਪ੍ਰਤੀਤ ਹੁੰਦਾ ਹੈ। ਇਨ੍ਹਾਂ ਵਿਚੋਂ ਪਹਿਲੀ ਪੋਥੀ ਅਹੀਆਪੁਰ ਵਾਲੇ ਬਾਬਾ ਦਲੀਪ ਚੰਦ ਭਲਾ ਦੇ ਪੋਤਰੇ ਸ੍ਰੀ ਵਿਨੋਦ ਕੁਮਾਰ ਭੱਲਾ (371, ਲਾਜਪਤ ਨਗਰ ਜਲੰਧਰ, ਜਾਂ ਕਿੰਗਜ਼ ਹੋਟਲ , ਨੇੜੇ ਰੇਡੀਓ ਸਟੇਸ਼ਨ ਜਲੰਧਰ) ਪਾਸ ਪਈ ਹੈ ਅਤੇ ਦੂਜੀ ਬਾਵਾ ਭਗਤ ਸਿੰਘ ਭਲਾ ਦੇ ਪੁੱਤਰਾਂ (ਕੰਵਲਜੀਤ ਸਿੰਘ, ਜਗਜੀਤ ਸਿੰਘ ਅਤੇ ਅਮਰਜੀਤ ਸਿੰਘ) ਪਾਸ ਸੁੰਦਰ ਕੁਟੀਆ, ਪਿੰਜੌਰ ਵਿਚ ਸੁਰਖਿਅਤ ਹੈ।

ਇਨ੍ਹਾਂ ਪੋਥੀਆਂ ਨੂੰ ਵੇਖ ਸਕਣਾ ਸਰਲ ਨਹੀਂ ਸੀ ਕਿਉਂਕਿ ਇਨ੍ਹਾਂ ਤਕ ਪਹੁੰਚ ਆਮ ਵਿਦਵਾਨ ਦੇ ਵਸ ਦੀ ਗੱਲ ਨਹੀਂ ਸੀ। ਇਨ੍ਹਾਂ ਨੂੰ ਸਭ ਤੋਂ ਪਹਿਲੀ ਵਾਰ ਵੇਖਣ ਦਾ ਅਵਸਰ ਬਾਵਾ ਪ੍ਰੇਮ ਸਿੰਘ ਹੋਤੀ ਨੂੰ ਸੰਨ 1945 ਈ. ਵਿਚ ਮਿਲਿਆ ਅਤੇ ਉਨ੍ਹਾਂ ਨੇ ਇਕ ਕਾਪੀ ਉਤੇ ਵਿਸਤਰਿਤ ਨੋਟਸ ਵੀ ਲੈ ਲਏ, ਜੋ ਡਾ. ਗੁਰਸ਼ਰਨ ਕੌਰ ਜੱਗੀ ਨੇ ਸੰਪਾਦਿਤ ਕਰਕੇ ਪਹਿਲਾਂ ‘ਆਲੋਚਨਾ ’ (ਅਕਤੂਬਰ- ਦਸੰਬਰ, 1984 ਅੰਕ) ਵਿਚ ਛਾਪੇ ਅਤੇ ਬਾਦ ਵਿਚ ‘ਬਾਬੇ ਮੋਹਨ ਵਾਲੀਆਂ ਪੋਥੀਆਂ’ (ਵੇਖੋ) ਨਾਂ ਅਧੀਨ ਪੁਸਤਕ ਰੂਪ ਵਿਚ ਆਰਸੀ ਪਬਲਿਸ਼ਰਜ਼, ਦਿੱਲੀ ਦੁਆਰਾ ਪ੍ਰਕਾਸ਼ਿਤ ਕਰ ਦਿੱਤੇ। ਇਨ੍ਹਾਂ ਬਾਰੇ ਕੁਝ ਸੂਚਨਾ ਗਿਆਨੀ ਗੁਰਦਿਤ ਸਿੰਘ ਨੇ ਵੀ ਛਾਪੀ ਹੈ। ਡਾ. ਪਿਆਰ ਸਿੰਘ ਨੇ ਆਪਣੀ ਪੁਸਤਕ ‘ਗਾਥਾ ਸ੍ਰੀ ਆਦਿ ਗ੍ਰੰਥ ’ ਵਿਚ ਆਪਣੇ ਵਿਵੇਚਨ ਦਾ ਆਧਾਰ ਬਾਵਾ ਪ੍ਰੇਮ ਸਿੰਘ ਹੋਤੀ ਦੇ ਨੋਟਸ ਨੂੰ ਹੀ ਬਣਾਇਆ।

ਇਨ੍ਹਾਂ ਦੋਹਾਂ ਪੋਥੀਆਂ ਬਾਰੇ ਸਭ ਤੋਂ ਪਹਿਲੀ ਵਾਰ ਨਿਠ ਕੇ ਵਿਸਤਾਰ ਸਹਿਤ ਪਰੀਖਣ ਡਾ. ਗੁਰਿੰਦਰ ਸਿੰਘ ਮਾਨ ਨੇ ਕੀਤਾ। ਡਾ. ਮਾਨ ਨੇ ਆਪਣੇ ਅਧਿਐਨ ਨੂੰ ਪਹਿਲਾਂ ਪੰਜਾਬੀ ਵਿਚ ਛਾਪਣ ਦੀ ਯੋਜਨਾ ਬਣਾਈ, ਪਰ ਪੰਜਾਬ ਦਾ ਵਾਤਾਵਰਣ ਅਜਿਹੀ ਖੋਜ ਲਈ ਸੁਖਾਵਾਂ ਨ ਹੋਣ ਕਾਰਣ ਮਨ ਬਦਲ ਲਿਆ ਅਤੇ ‘ਗੋਇੰਦਵਾਲ ਪੋਥੀਆਂ’ (The Goindval Pothis) ਨਾਂ ਦੀ ਇਕ ਪੁਸਤਕ ਸੰਨ 1996 ਵਿਚ ਹਾਰਵਰਡ ਯੂਨੀਵਰਸਿਟੀ ਵਲੋਂ ਪ੍ਰਕਾਸ਼ਿਤ ਕੀਤੀ ਜੋ ਵਿਗਿਆਨਿਕ ਖੋਜ’ਤੇ ਆਧਾਰਿਤ ਹੈ। ਪ੍ਰੋ. ਪ੍ਰੀਤਮ ਸਿੰਘ ਦੁਆਰਾ ਸੰਪਾਦਿਤ ‘ਅਹੀਆਪੁਰ ਵਾਲੀ ਪੋਥੀਭਾਗ ਪਹਿਲਾ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਲੋਂ ਸੰਨ 1998 ਈ. ਵਿਚ ਪ੍ਰਕਾਸ਼ਿਤ ਹੋਈ ਜੋ ਪੂਰਵ- ਨਿਰਧਾਰਿਤ ਧਾਰਣਾ ਤੋਂ ਆਕ੍ਰਾਂਤ ਹੈ ਕਿ ਇਨ੍ਹਾਂ ਪੋਥੀਆਂ ਤੋਂ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਕਰਨ ਵੇਲੇ ਕੋਈ ਲਾਭ ਨਹੀਂ ਉਠਾਇਆ।

ਇਨ੍ਹਾਂ ਪੋਥੀਆਂ ਵਿਚ ਦਰਜ ਕੀਤੀ ਬਾਣੀ ਗੁਰੂ ਅਮਰਦਾਸ ਜੀ ਨੇ ਕਿਹੜੇ ਕਿਹੜੇ ਸਰੋਤ ਤੋਂ ਇਕੱਠੀ ਕੀਤੀ, ਇਸ ਬਾਰੇ ਇਤਿਹਾਸ ਚੁਪ ਹੈ। ਪਰ ਅਨੁਮਾਨ ਹੈ ਕਿ ਇਹ ਬਾਣੀ ਤਿੰਨ ਸਰੋਤਾਂ ਤੋਂ ਇਕੱਠੀ ਕੀਤੀ ਗਈ ਹੋਵੇਗੀ। ਇਕ, ਉਹ ਬਾਣੀ-ਪੋਥੀ ਜੋ ਗੁਰੂ ਨਾਲਕ ਦੇਵ ਜੀ ਨੇ ਗੁਰ- ਗੱਦੀ ਪ੍ਰਦਾਨ ਕਰਨ ਵੇਲੇ ਗੁਰੂ ਅੰਗਦ ਦੇਵ ਜੀ ਨੂੰ ਦਿੱਤੀ ਸੀ। ਦੂਜਾ, ਉਹ ਬਾਣੀ-ਸੰਗ੍ਰਹਿ ਜਾਂ ਗੁਟਕੇ ਜੋ ਸਿੱਖ ਸੇਵਕਾਂ /ਅਨੁਯਾਈਆਂ ਪਾਸ ਸੰਭਾਲੇ ਹੋਏ ਪਏ ਸਨ। ਤੀਜਾ, ਉਹ ਬਾਣੀ ਜੋ ਰਬਾਬੀਆਂ ਅਤੇ ਸੇਵਕਾਂ ਨੂੰ ਜ਼ਬਾਨੀ ਯਾਦ ਸੀ। ਪਰ ਇਨ੍ਹਾਂ ਪੋਥੀਆਂ ਵਿਚ ਗੁਰੂ ਅਮਰਦਾਸ ਜੀ ਤਕ ਰਚੀ ਗਈ ਸਾਰੀ ਗੁਰਬਾਣੀ ਸ਼ਾਮਲ ਨਹੀਂ। ਗੁਰੂ ਗ੍ਰੰਥ ਸਾਹਿਬ ਦੇ ਕਈ ਮੁੱਢਲੇ ਰਾਗਾਂ ਦੀ ਬਾਣੀ ਅਤੇ ਖ਼ਾਸ ਤੌਰ ’ਤੇ ਵਾਰਾਂ ਵਾਲੀ ਬਾਣੀ ਵੀ ਇਨ੍ਹਾਂ ਵਿਚ ਸ਼ਾਮਲ ਨਹੀਂ ਹੈ। ਇਸ ਕਰਕੇ ਵਿਦਵਾਨਾਂ ਨੇ ਦੋ ਤੋਂ ਵਧ ਪੋਥੀਆਂ ਦੀ ਹੋਂਦ ਵਲ ਸੰਕੇਤ ਕੀਤਾ ਹੈ। ਤੀਜੀ ਪੋਥੀ ਦੀ ਹੋਂਦ ਵਲ ਭੱਲਾ ਪਰਿਵਾਰਾਂ ਵਿਚ ਗੱਲ ਚਲਦੀ ਰਹਿੰਦੀ ਹੈ। ਕਹਿੰਦੇ ਹਨ ਉਹ ਪੋਥੀ ਭਲਾ ਖ਼ਾਨਦਾਨ ਦੇ ਕਿਸੇ ਬਜ਼ੁਰਗ ਨੇ ਆਪਣੀ ਲੜਕੀ ਦੇ ਵਿਆਹ ਵੇਲੇ ਦਾਜ ਵਿਚ ਸ਼ਾਮਲ ਕਰ ਦਿੱਤੀ ਸੀ ਅਤੇ ਉਹ ਲੜਕੀ ਫਗਵਾੜੇ ਦੇ ਕਿਸੇ ਘਰਾਣੇ ਵਿਚ ਵਿਆਹੀ ਗਈ ਸੀ। ਇਸ ਸੰਬੰਧ ਵਿਚ ਪ੍ਰਸਤੁਤ ਲੇਖਕ ਨੂੰ ਸਵ. ਬਾਵਾ ਪਰਮਜੀਤ ਸਿੰਘ, (534, ਮਾਡਲ ਟਾਊਨ, ਜਲੰਧਰ) ਨੇ ਦਸਿਆ ਸੀ ਕਿ ਬਹੁਤ ਖੋਜ ਕਰਨ’ਤੇ ਵੀ ਅਸੀਂ ਉਸ ਪੋਥੀ ਨੂੰ ਲਭ ਨਹੀਂ ਸਕੇ। ਡਾ. ਗੁਰਿੰਦਰ ਸਿੰਘ ਮਾਨ ਨੇ ਤਾਂ ਇਨ੍ਹਾਂ ਦੀ ਗਿਣਤੀ ਚਾਰ ਹੋਣ ਉਤੇ ਬਲ ਦਿੱਤਾ ਹੈ।

ਇਨ੍ਹਾਂ ਪੋਥੀਆਂ ਦੀ ਰਚਨਾ ਕਦ ਹੋਈ ? ਇਸ ਬਾਰੇ ਬਾਵਾ ਪ੍ਰੇਮ ਸਿੰਘ ਹੋਤੀ ਨੇ ਅੰਦਰਲੀ ਗਵਾਹੀ ਦੇ ਆਧਾਰ’ਤੇ ਦਸਿਆ ਹੈ ਕਿ ਇਨ੍ਹਾਂ ਦੇ ਲਿਖਣ ਦਾ ਆਰੰਭ ਸੰਮਤ 1627 ਅਸੂ ਦੇ ਮਹੀਨੇ (ਸੰਨ 1570 ਈ.) ਵਿਚ ਹੋਇਆ ਸੀ ਅਤੇ ਇਨ੍ਹਾਂ ਦੀ ਸਮਾਪਤੀ ਸੰਮਤ 1629 ਭਾਦੋਂ ਦੀ 10 (ਸੰਨ 1572 ਈ.) ਵਿਚ ਹੋਈ ਸੀ। ਅਹੀਆਪੁਰ ਵਾਲੀ ਪੋਥੀ ਦੇ ਸ਼ੁਰੂ ਵਿਚ ਖ਼ਾਲੀ ਛਡੇ ਹੋਏ ਪੱਤਰਿਆਂ ਵਿਚੋਂ ਪਾਠ ਦੇ ਬਿਲਕੁਲ ਨਾਲ ਲਗਦਾ ਸੰਮਤ ਲਿਖਿਆ ਹੋਇਆ ਹੈ—ਸੰਮਤੁ 1652 ਮਾਘ ਵਦੀ ਪੋਥੀ ਲਿਖੀ ਗੁਰੂ ਅਬਿਰ ਬਾਬੇ ਨਾਮੁ ਕਰਤਾਰੁ ਨਿਰਭਉ ਨਿਰੰਕਾਰ ਅਜੂਨੀ ਸਭਉ ਇਸ ਸੰਮਤ ਨੂੰ ਪ੍ਰੋ. ਪ੍ਰੀਤਮ ਸਿੰਘ ਨੇ ਜਾਅਲੀ ਮੰਨਿਆ ਹੈ ਕਿਉਂਕਿ ਇਸ ਦਾ ਮਨੋਰਥ ਇਸ ਤੋਂ ਅਗੇ ਦਰਜ ਵਰ-ਸਰਾਪ ਨੂੰ ਪੁਸ਼ਟ ਕਰਨਾ ਸੀ। ਇਸ ਆਧਾਰ’ਤੇ ਪ੍ਰੋ. ਪ੍ਰੀਤਮ ਸਿੰਘ ਨੇ ਇਨ੍ਹਾਂ ਪੋਥੀਆਂ ਦੀ ਸਿਰਜਨਾ ਸੰਮਤ 1627 ਬਿ.—1629 ਬਿ. ਵਿਚ ਨ ਮੰਨ ਕੇ ਸੰਨ 1581 ਈ. ਤੋਂ 1610 ਈ. (1637 ਬਿ.-1667 ਬਿ.) ਦੇ ਵਿਚਾਲੇ ਦਸੀ ਹੈ। ਜਾਅਲੀ ਸੰਮਤ ਦੇ ਇਸ ਕਾਲ-ਖੰਡ ਦੇ ਵਿਚਾਲੇ ਆ ਜਾਣ ਕਾਰਣ ਉਨ੍ਹਾਂ ਨੇ ਮੰਨਿਆ ਹੈ—ਜਾਅਲ- ਸਾਜ਼ੀ ਕਰਨ ਵਾਲੇ ਪਾਸੋਂ ਕਿਤੇ ਦਰੁਸਤ ਸੰਮਤ ਤਾਂ ਨਹੀਂ ਪੈ ਗਿਆ ?

ਉਪਰੋਕਤ ਆਧਾਰ’ਤੇ ਉਨ੍ਹਾਂ ਨੇ ਡਾ. ਗੁਰਿੰਦਰ ਸਿੰਘ ਮਾਨ ਦੀ ਖੋਜ ਨੂੰ ਨਕਾਰਦੇ ਹੋਇਆਂ ‘ਅਹੀਆਪੁਰ ਵਾਲੀ ਪੋਥੀ’ (ਪੰਨਾ 299) ਵਿਚ ਸਵੀਕਾਰ ਕੀਤਾ ਹੈ—‘‘(4) ਮੈਂ ਗੁਰੂ ਅਰਜਨ ਦੇਵ ਜੀ ਨੂੰ ਸ਼ਿਰੋਮਣੀ ਸੰਪਾਦਕ ਮੰਨ ਕੇ ਹੀ ਆਪਣੀ ਇਹ ਰਚਨਾ ਆਪ ਨੂੰ ਸਮਰਪਿਤ ਕੀਤੀ ਹੈ। ਅਹੀਆਪੁਰ ਵਾਲੀ ਪੋਥੀ ਉਨ੍ਹਾਂ ਨੇ ਨਹੀਂ ਸੀ ਵਰਤੀ। (5) ‘ਅਹੀਆਪੁਰ ਵਾਲੀ ਪੋਥੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਆਦਿ ਬੀੜ ਦਾ ਆਧਾਰ ਜਾਂ ਸੋਮਾ ਨਹੀਂ ਸੀ।’’

ਇਨ੍ਹਾਂ ਤੱਥਾਂ ਤੋਂ ਪ੍ਰੋ. ਪ੍ਰੀਤਮ ਸਿੰਘ ਦੀ ਪੂਰਵ- ਨਿਰਧਾਰਿਤ ਧਾਰਣਾ ਸਪੱਸ਼ਟ ਉਘੜਦੀ ਹੈ। ਅਸਲ ਸਥਿਤੀ ਇਸ ਪ੍ਰਕਾਰ ਹੈ ਕਿ ਇਕ ਤਾਂ ਪੋਥੀਆਂ ਵਿਚ ਖ਼ਾਲੀ ਛਡੇ ਪੱਤਰਿਆਂ ਉਪਰ ਬਾਦ ਵਿਚ ਜੋ ਸ਼ਬਦ/ਬਾਣੀ ਮਿਲੀ ਜਾਂ ਕਿਸੇ ਪਰਵਰਤੀ ਗੁਰੂ ਦੀ ਵੀ ਮਿਲੀ ਤਾਂ ਉਸ ਨੂੰ ਚੜ੍ਹਾਇਆ ਜਾਂਦਾ ਰਿਹਾ, ਜਿਸ ਕਰਕੇ ਇਸ ਦੇ ਸਮੇਂ ਬਾਰੇ ਭ੍ਰਾਂਤੀਆਂ ਪਸਰ ਗਈਆਂ। ਦੂਜਾ ਇਹ ਕਿ ਗੁਰੂ ਸਾਹਿਬ ਦੀ ਸੰਪਾਦਕ ਪ੍ਰਬੀਨਤਾ ਇਸ ਵਿਚ ਸੀ ਕਿ ਉਨ੍ਹਾਂ ਨੇ ਬਾਣੀ ਸੰਬੰਧੀ ਉਪਲਬਧ ਸਾਰੀ ਸਾਮਗ੍ਰੀ ਨੂੰ ਪੜ੍ਹ ਕੇ ਪ੍ਰਮਾਣਿਕ ਬਾਣੀ ਨੂੰ ਵਖ ਕੀਤਾ ਸੀ, ਨ ਕਿ ਇਨ੍ਹਾਂ ਪੋਥੀਆਂ ਨੂੰ ਵਰਤਿਆ ਤਕ ਨਹੀਂ ਸੀ। ਇਹ ਪੋਥੀਆਂ ਹੀ ਨਿਰਾ ਮੁੱਢਲਾ ਸਰੋਤ ਨਹੀਂ ਸਨ ਸਗੋਂ ਹੋਰ ਵੀ ਕਈ ਪ੍ਰਕਾਰ ਦੀ ਸਾਮਗ੍ਰੀ ਉਪਲਬਧ ਸੀ। ਖੇਦ ਹੈ ਕਿ ਇਸ ਪ੍ਰਕਾਰ ਦੀ ਸੰਕੀਰਣਤਾ ਆਧੁਨਿਕ ਵਿਦਵਾਨਾਂ ਦੀ ਹੀ ਇਕ ਬਿਰਤੀ ਹੈ।

ਜੇ ਇਨ੍ਹਾਂ ਪੋਥੀਆਂ ਦੇ ਸੰਕਲਨ-ਕਾਲ ਤੋਂ ਇਨ੍ਹਾਂ ਦੇ ਅਗਲੇ ਇਤਿਹਾਸ ਬਾਰੇ ਵਿਚਾਰ ਕਰੀਏ ਤਾਂ ਪਤਾ ਚਲਦਾ ਹੈ ਕਿ ਕੇਵਲ ਇਕ ਵਾਰ ਗੁਰੂ ਅਰਜਨ ਦੇਵ ਜੀ ਨੇ ਬੀੜ ਤਿਆਰ ਕਰਨ ਵੇਲੇ ਇਨ੍ਹਾਂ ਨੂੰ ਅੰਮ੍ਰਿਤਸਰ ਮੰਗਵਾਇਆ ਸੀ ਅਤੇ ਫਿਰ ਵਾਪਸ ਕਰ ਦਿੱਤੀਆਂ ਸਨ। ਉਸ ਤੋਂ ਬਾਦ ਇਹ ਪੋਥੀਆਂ ਸੰਨ 1895 ਈ. ਵਿਚ ਮਹਾਰਾਜਾ ਪਟਿਆਲਾ ਵਲੋਂ ਦਰਸ਼ਨ ਲਈ ਪਟਿਆਲੇ ਮੰਗਵਾਈਆਂ ਗਈਆਂ। ਫਿਰ ਵੀਹਵੀਂ ਸਦੀ ਦੇ ਦੂਜੇ ਦਹਾਕੇ ਤਕ ਗੋਇੰਦਵਾਲ ਹੀ ਰਹੀਆਂ, ਪਰ ਗੁਰਦੁਆਰਾ ਸੁਧਾਰ ਲਹਿਰ ਵੇਲੇ ਇਨ੍ਹਾਂ ਦੇ ਖੁਸ ਜਾਣ ਦੇ ਡਰ ਤੋਂ ਉਸ ਵੇਲੇ ਭੱਲਾ ਖ਼ਾਨਦਾਨ ਦੇ ਚੌਬਾਰੇ ਦੇ ਸੇਵਾਦਾਰ ਬਾਵਾ ਮੇਲਾ ਸਿੰਘ ਨੇ ਵੀਹਵੀਂ ਸਦੀ ਦੇ ਤੀਜੇ ਦਹਾਕੇ ਵਿਚ ਕਿਸੇ ਵੇਲੇ ਇਨ੍ਹਾਂ ਨੂੰ ਗੋਇੰਦਵਾਲ ਤੋਂ ਬਾਹਰ ਕਢਿਆ। ਇਨ੍ਹਾਂ ਵਿਚੋਂ ਇਕ ਅਹੀਆਪੁਰ ਰਹਿੰਦੇ ਆਪਣੇ ਭਰਾਵਾਂ ਬਾਵਾ ਚਾਨਣ ਮੱਲ ਅਤੇ ਦਲੀਪ ਚੰਦ ਪਾਸ ਪਹੁੰਚਾ ਦਿੱਤੀ ਜੋ ਵੀਹਵੀਂ ਸਦੀ ਦੇ ਨੌਵੇਂ ਦਹਾਕੇ ਵਿਚ ਜਲੰਧਰ ਲਿਆਉਂਦੀ ਗਈ। ਦੂਜੀ ਪੋਥੀ ਬਾਵਾ ਭਗਤ ਸਿੰਘ ਹੋਤੀ- ਮਰਦਾਨ ਲੈ ਗਏ। ਦੇਸ਼- ਵੰਡ ਵੇਲੇ ਇਸ ਪੋਥੀ ਨੂੰ ਪਹਿਲਾਂ ਪਟਿਆਲੇ ਲਿਆਉਂਦਾ ਗਿਆ ਅਤੇ ਫਿਰ ਇਸ ਨੂੰ ਬਾਵਾ ਭਗਤ ਸਿੰਘ ਪਿੰਜੌਰ ਲੈ ਗਏ।

ਬਾਵਾ ਪ੍ਰੇਮ ਸਿੰਘ ਹੋਤੀ ਅਨੁਸਾਰ ਇਨ੍ਹਾਂ ਪੋਥੀਆਂ ਦਾ ਆਕਾਰ 13x9 1/2 ਇੰਚ ਹੈ। ਹਰ ਇਕ ਪੰਨੇ ਉਤੇ ਦੋਹਾਂ ਪਾਸੇ ਦੋ ਇੰਚ ਚੌੜਾ ਹਾਸ਼ੀਆ ਲਗਿਆ ਹੋਇਆ ਹੈ। ਹਰ ਇਕ ਪੰਨੇ ਉਤੇ 13,13 ਪੰਕਤੀਆਂ ਹਨ ਅਤੇ ਹਰ ਪੰਕਤੀ ਵਿਚ 13, 13 ਅੱਖਰ ਹਨ। ਹਰ ਇਕ ਅੱਖਰ ਦੀ ਲੰਬਾਈ ਅੱਧਾ ਇੰਚ ਅਤੇ ਮੋਟਾਈ ਤਿੰਨ ਸੂਤਰ ਹੈ, ਅਰਥਾਤ ਅਧੀ ਇੰਚ ਤੋਂ ਇਕ ਸੂਤਰ ਘਟ। ਕਈਆਂ ਪੰਨਿਆਂ ਉਤੇ ਉਪਰੋਕਤ ਆਕਾਰ ਤੋਂ ਭਾਵੇਂ ਕੁਝ ਵਧ-ਘਟ ਵਿਸ਼ੇਸ਼ਤਾਵਾਂ ਵੀ ਮਿਲਦੀਆਂ ਹਨ, ਪਰ ਸਮੁੱਚੇ ਤੌਰ’ਤੇ ਉਪਰੋਕਤ ਆਕਾਰ ਹੀ ਦ੍ਰਿਸ਼ਟੀਗੋਚਰ ਹੁੰਦਾ ਹੈ। ਇਨ੍ਹਾਂ ਵਿਚੋਂ ਅਹੀਆਪੁਰ ਵਾਲੀ ਪੋਥੀ ਵਿਚ ਦਰਜ ਅੱਠ ਰਾਗਾਂ—ਸੂਹੀ, ਪਰਭਾਤੀ, ਧਨਾਸਰੀ, ਬਸੰਤ, ਭੈਰੋ , ਮਾਰੂ , ਕੇਦਾਰਾ ਅਤੇ ਤਿਲੰਗ—ਤਿੰਨ ਗੁਰੂਆਂ (ਗੁਰੂ ਨਾਨਕ , ਗੁਰੂ ਅੰਗਦ ਅਤੇ ਗੁਰੂ ਅਮਰਦਾਸ) ਅਤੇ ਨੌਂ ਭਗਤਾਂ (ਕਬੀਰ, ਨਾਮਦੇਵ , ਰਵਿਦਾਸ, ਤ੍ਰਿਲੋਚਨ, ਬੇਣੀ, ਰਾਮਾਨੰਦ, ਜੈਦੇਵ , ਧੰਨਾ ਅਤੇ ਸੈਣ) ਅਤੇ ਦੋ ਸੂਫ਼ੀ ਸੰਤਾਂ—ਫ਼ਰੀਦ ਅਤੇ ਸ਼ਰਫ਼— ਦੀ ਬਾਣੀ ਦਰਜ ਹੈ। ਇਸ ਪੋਥੀ ਵਿਚ ਰਾਗ ਗੂਜਰੀ, ਵਡਹੰਸ, ਬਿਲਾਵਲ ਅਤੇ ਮਲਾਰ ਦਾ ਵੀ ਇਕ ਇਕ ਸ਼ਬਦ ਉਪਲਬਧ ਹੈ ਅਤੇ ‘ਆਸਾ ਕੀ ਵਾਰ ’ ਦੇ ਤਿੰਨ ਪਹਿਲੇ ਸ਼ਲੋਕ ਵੀ ਸੰਕਲਿਤ ਹਨ। ਚੌਥੇ ਅਤੇ ਪੰਜਵੇਂ ਗੁਰੂ ਦੇ ਕ੍ਰਮਵਾਰ ਇਕ ਅਤੇ ਦੋ ਸ਼ਬਦ ਪਾਠਾਂਤਰਿਤ ਰੂਪ ਵਿਚ ਮਿਲਦੇ ਹਨ।

ਪਿੰਜੌਰ ਵਾਲੀ ਪੋਥੀ ਵਿਚ ਚਾਰ ਰਾਗਾਂ (ਰਾਮਕਲੀ, ਸੋਰਠਿ, ਸਾਰੰਗ ਅਤੇ ਮਲਾਰੁ) ਅਧੀਨ ਗੁਰੂ ਨਾਨਕ, ਗੁਰੂ ਅਮਰਦਾਸ ਅਤੇ ਪੰਜ ਭਗਤਾਂ (ਕਬੀਰ, ਨਾਮਦੇਵ, ਰਵਿਦਾਸ, ਤ੍ਰਿਲੋਚਨ ਅਤੇ ਭੀਖਨ) ਦੀ ਬਾਣੀ ਸੰਗ੍ਰਹਿਤ ਹੈ।

ਇਨ੍ਹਾਂ ਪੋਥੀਆ ਦੀਆਂ ਬਾਣੀਆਂ ਦਾ ਮਿਲਾਨ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ਿਤ ਸਰੂਪ ਨਾਲ ਕਰਕੇ ਵਿਦਵਾਨਾਂ ਨੇ ਕਈ ਤੱਥ ਅਤੇ ਫ਼ਰਕ ਸਾਹਮਣੇ ਲਿਆਉਣ ਦਾ ਯਤਨ ਕੀਤਾ ਹੈ, ਜਿਵੇਂ—(1) ਅਨੇਕ ਪਾਠਾਂਤਰ ਹੋਣਾ; (2) ਕਰਤ੍ਰਿਤਵ ਦਾ ਰਲਗਡ ਹੋਣਾ; (3) ਕਿਤੇ ਰਚੈਤਾ ਗੁਰੂ/ਭਗਤ ਦੀ ਬਾਣੀ ਪੂਰੀ , ਕਿਤੇ ਅਧੂਰੀ ਅਤੇ ਕਿਤੇ ਵਧੀਕ ਹੋਣਾ; (4) ‘ਮਹਲਾ ’ ਦੀ ਥਾਂ ‘ਮਹਲੁ ’ ਲਿਖਿਆ ਹੋਣਾ ਅਤੇ ਕਿਤੇ ‘ਗੁਰੂ ਬਾਬਾ’, ‘ਬਾਬਾ ਪਾਤਸਾਹ’, ‘ਬਾਬੇ ਪਾਤਸਾਹ ਕਾ ਬੋਲਾ ’, ਆਦਿ ਸ਼ਬਦ ਲਿਖੇ ਹੋਣੇ; (5) ਰਾਗਾਂ ਵਿਚ ਘਰਾਂ ਦਾ ਅੰਕਿਤ ਨ ਹੋਣਾ; (6) ਪੂਰੇ ਮੂਲ-ਮੰਤ੍ਰ ਜਾਂ ਸੰਖਿਪਤ ਮੂਲ-ਮੰਤ੍ਰ ਵਿਚ ਫ਼ਰਕ ਹੋਣਾ; (7) ਅੰਕ-ਵਿਧੀ ਵਿਚ ਫ਼ਰਕ ਹੋਣਾ; (8) ਭਗਤ ਬਾਣੀਕਾਰਾਂ ਦੇ ਨਾਂਵਾਂ ਦੇ ਸ਼ਬਦ-ਜੋੜਾਂ ਵਿਚ ਫ਼ਰਕ ਹੋਣਾ; (9) ਰਾਗਾਂ ਦਾ ਕ੍ਰਮ ਗੁਰੂ ਗ੍ਰੰਥ ਸਾਹਿਬ ਅਨੁਸਾਰੀ ਨ ਹੋਣਾ; (10) ਸ਼ਬਦਾਂ ਵਿਚਲੇ ਪਦਿਆਂ/ਪਦੀਆਂ ਦਾ ਕ੍ਰਮ ਵੀ ਗੁਰੂ ਗ੍ਰੰਥ ਸਾਹਿਬ ਦੇ ਕ੍ਰਮ ਤੋਂ ਭਿੰਨ ਹੋਣਾ; (11) ਬਾਣੀ ਦਾ ਕ੍ਰਮ ਭਾਵੇਂ ਚਉਪਦਿਆਂ, ਅਸ਼ਟਪਦੀਆਂ , ਛੰਤਾਂ ਵਾਲਾ ਹੀ ਹੈ, ਪਰ ਇਸ ਨੂੰ ਪੂਰੀ ਤਰ੍ਹਾਂ ਨਿਭਾਇਆ ਨ ਹੋਣਾ; (12) ਸ਼ਬਦ-ਜੋੜਾਂ ਵਿਚ ਇਕਸਾਰਤਾ ਨ ਹੋਣਾ; (13) ਹੋਰ ਬਾਣੀ ਦੇ ਮਿਲਣ ਦੀ ਆਸ ਵਿਚ ਖ਼ਾਲੀ ਪੱਤਰੇ ਛਡਣਾ

ਇਨਾਂ ਪੋਥੀਆਂ ਵਿਚਲੇ ਕਾਟਿਆਂ ਅਤੇ ਸੁਧਾਈਆਂ ਤੋਂ ਸੰਕੇਤ ਮਿਲਦਾ ਹੈ ਕਿ ਉਦੋਂ ਜੋ ਬਾਣੀ ਜਿਥੋਂ ਮਿਲੀ, ਪੋਥੀਆਂ ਵਿਚ ਚੜ੍ਹਾ ਦਿੱਤੀ। ਜੋ ਠੀਕ ਨ ਲਗੀ , ਸੋਧ ਦਿੱਤੀ, ਜਾਂ ਗ਼ਲਤ ਹੋਣ ਕਰਕੇ ਕਟ ਦਿੱਤੀ। ਜੇ ਪਹਿਲਾਂ ਕਿਤੇ ਪੋਥੀਆਂ ਵਿਚ ਲਿਖੀ ਜਾ ਚੁਕੀ ਹੈ, ਤਾਂ ਪਤਾ ਲਗਣ’ਤੇ ਕਟ ਦਿੱਤੀ। ਇਹ, ਅਸਲ ਵਿਚ, ਬਾਣੀ ਨੂੰ ਇਕੱਠਾ ਇਕ ਥਾਂ ਲਿਖਣ ਦਾ ਯਤਨ ਸੀ, ਵਿਵਸਥਿਤ ਸੰਪਾਦਨ ਦੀ ਸੋਚ ਅਜੇ ਵਿਕਸਿਤ ਨਹੀਂ ਹੋਈ ਸੀ।

ਵਿਦਵਾਨ ਕਿਸੇ ਵੀ ਨਤੀਜੇ ਉਤੇ ਪਹੁੰਚਦੇ ਰਹਿਣ , ਪਰ ਇਨ੍ਹਾਂ ਪੋਥੀਆਂ ਦਾ ਮੁੱਢਲੇ ਸਰੋਤ ਵਜੋਂ ਮਹੱਤਵ ਘਟ ਨਹੀਂ ਸਕਦਾ। ਅਜ-ਕਲ ਉਪਲਬਧ ਦਸਤਾਵੇਜ਼ਾਂ ਵਿਚੋਂ ਇਹ ਪੰਜਾਬੀ ਦੀਆਂ ਪ੍ਰਾਚੀਨਤਮ ਲਿਖਿਤਾਂ ਹਨ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2676, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਬਾਬੇ ਮੋਹਨ ਵਾਲੀਆਂ ਪੋਥੀਆਂ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਬਾਬੇ ਮੋਹਨ ਵਾਲੀਆਂ ਪੋਥੀਆਂ (ਪੁਸਤਕ): ਇਹ ਪੁਸਤਕ ਬਾਬੇ ਮੋਹਨ ਵਾਲੀਆਂ ਪੋਥੀਆਂ ਸੰਬੰਧੀ ਬਾਵਾ ਪ੍ਰੇਮ ਸਿੰਘ ਹੋਤੀ ਦੁਆਰਾ ਲਏ ਨੋਟਸ ਦਾ ਸੰਪਾਦਿਤ ਰੂਪ ਹੈ ਜੋ ਡਾ. ਗੁਰਸ਼ਰਨ ਕੌਰ ਜੱਗੀ ਨੇ ਉਦਮ ਕਰਕੇ ਸੰਨ 1987 ਈ. ਵਿਚ ਆਰਸੀ ਪਬਲਿਸ਼ਰਜ਼, ਦਿੱਲੀ ਦੁਆਰਾ ਪ੍ਰਕਾਸ਼ਿਤ ਕੀਤਾ ਹੈ। ਭੂਮਿਕਾ ਵਿਚ ਸੰਪਾਦਿਕਾ ਨੇ ਲਿਖਿਆ ਹੈ—

            ਬਾਵਾ ਪ੍ਰੇਮ ਸਿੰਘ ਹੋਤੀ ਗੁਰੂ ਅਮਰਦਾਸ ਦੇ ਵੰਸ਼ਜ ਹੋਣ ਕਾਰਣ ਇਨ੍ਹਾਂ ਪੋਥੀਆਂ ਦੇ ਮੁਹਾਫ਼ਜ਼ਾਂ ਦੇ ਪਰਿਵਾਰਿਕ ਤੌਰਤੇ ਬਹੁਤ ਨੇੜੇ ਸਨ ਉਨ੍ਹਾਂ ਨੇ ਉਦਮ ਕਰਕੇ ਇਨ੍ਹਾਂ ਪੋਥੀਆਂ ਦੇ ਨੋਟਸ ਸੰਨ 1945 ਵਿਚ ਲਏ ਸਨ ਨੋਟਸ ਵਾਲੀ ਕਾਪੀ ਉਨ੍ਹਾਂ ਦੇ ਸੁਪੁੱਤਰ . ਮਨਮੋਹਨ ਸਿੰਘ ਰਾਘੂਮਾਜਰਾ, ਪਟਿਆਲਾ ਪਾਸ ਸੁਰਖਿਅਤ ਹੈ ਉਨ੍ਹਾਂ ਨੇ ਬੜੀ ਉਦਾਰਤਾ ਨਾਲ ਇਸ ਕਾਪੀ ਨੂੰ ਪੜ੍ਹਨ ਲਈ ਮੌਕਾ ਦਿੱਤਾ ਇਹ ਨੋਟਸ ਭਾਵੇਂ ਕਿਸੇ ਵਿਗਿਆਨਿਕ ਢੰਗ ਨਾਲ ਤਿਆਰ ਨਹੀਂ ਕੀਤੇ ਗਏ, ਪਰ ਫਿਰ ਵੀ ਇਨ੍ਹਾਂ ਵਿਚ ਪੋਥੀਆਂ ਸੰਬੰਧੀ ਕਾਫ਼ੀ ਜਾਣਕਾਰੀ ਮਿਲ ਜਾਂਦੀ ਹੈ ਇਸ ਜਾਣਕਾਰੀ ਨੂੰ ਵਿਦਵਾਨ ਪਾਠਕਾਂ ਨਾਲ ਸਾਂਝਿਆਂ ਕਰਨ ਲਈ ਇਨ੍ਹਾਂ ਨੋਟਸ ਨੂੰ ਸੰਪਾਦਿਤ ਕਰਨ ਦਾ ਉਦਮ ਕੀਤਾ ਜਾ ਰਿਹਾ ਹੈ

            ਭੂਮਿਕਾ ਵਿਚ ਪੋਥੀਆਂ ਦੀ ਅਹਿਮੀਅਤ ਬਾਰੇ ਜਾਣਕਾਰੀ ਦਿੰਦੇ ਹੋਇਆਂ, ਇਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨ ਵੇਲੇ ਗੋਇੰਦਵਾਲੋਂ ਲਿਆ ਕੇ ਗੁਰੂ ਅਰਜਨ ਦੇਵ ਜੀ ਦੁਆਰਾ ਪਰਖਣ ਦਾ ਉੱਲੇਖ ਕੀਤਾ ਗਿਆ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2675, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.